ਪੰਜਾਬੀ ਦੇ ਹਰਮਨ ਪਿਆਰੇ ਸਿਰਕੱਢ ਸ਼ਾਇਰ ਪਦਮ ਸ਼੍ਰੀ ਸੁਰਜੀਤ ਪਾਤਰ ਨਾਲ ਰੂ-ਬ-ਰੂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ. ਸੰਦੀਪ ਸਿੰਘ ਨੇ ਪਾਤਰ ਸਾਹਿਬ ਦਾ ਸ਼ਲਾਘਾਪੂਰਨ ਸ਼ਬਦਾਂ ਵਿਚ ਸਵਾਗਤ ਕੀਤਾ ਅਤੇ ਸਾਹਿਤ ਤੇ ਸਾਹਿਤਕਾਰ ਦੇ ਮਹੱਤਵ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੰਦਰਭ ਵਿਚ ਪੇਸ਼ ਕੀਤਾ।ਪਾਤਰ ਸਾਹਿਬ ਨੇ ਵਿਦਿਆਰਥੀਆਂ ਨਾਲ ਖੁਲ ਕੇ ਸੰਵੇਦਨਾਤਮਕ ਗੱਲਾਂ ਕੀਤੀਆਂ।ਉਨ੍ਹਾਂ ਨੇ ਆਪਣੇ ਜੀਵਨ ਦੇ ਡੂੰਘੇ ਤਜਰਬੇ ਸਾਂਝੇ ਕੀਤੇ।ਉਨ੍ਹਾਂ ਨੇ ਜਿੱਥੇ ਆਪਣੇ ਬਚਪਨ, ਜਵਾਨੀ ਦੀਆਂ ਰੋਚਕ ਯਾਦਾਂ ਸਾਂਝੀਆਂ ਕੀਤੀਆਂ,ਉੱਥੇ ਉਨ੍ਹਾਂ ਨੇ ਆਪਣੀ ਕਵਿਤਾ ਸਿਰਜਣ ਦੀ ਪ੍ਰਕਿਰਿਆ ਬਾਰੇ ਵੀ ਅਮਲੀ ਤੱਥਾਂ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਆਪਣੀਆਂ ਵਿਦੇਸ਼ ਯਾਤਰਾਵਾਂ ਦੇ ਖੱਟੇ ਮਿੱਠੇ ਕਾਵਿਕ ਅਨੁਭਵਾਂ ਨੂੰ ਕਵਿਤਾ ਵਿਚ ਸ਼ਾਮਿਲ ਹੋਣ ਦੇ ਵੱਖ-ਵੱਖ ਢੰਗਾਂ ਦਾ ਉਦਾਹਰਣਾਂ ਸਹਿਤ ਪ੍ਰਗਟਾਵਾ ਕੀਤਾ।ਇਸ ਤੋਂ ਇਲਾਵਾ ਪ੍ਰੋਗਰਾਮ ਵਿਚ ਪਹੁੰਚੇ ਪਾਤਰ ਸਾਹਿਬ ਦੇ ਛੋਟੇ ਭਰਾ ਸ.ਉਪਕਾਰ ਸਿੰਘ ਨੇ ਪਾਤਰ ਸਾਹਿਬ ਦੇ ਗੀਤਾਂ ਦਾ ਗਾਇਨ ਕਰ ਕੇ ਸਮਾਂ ਬੰਨ੍ਹ ਦਿੱਤਾ। ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਨਵਸੰਗੀਤ ਸਿੰਘ ਦੁਆਰਾ ਨਿਭਾਈ ਗਈ।ਵਿਦਿਆਰਥੀਆਂ ਨੇ ਪਾਤਰ ਸਾਹਿਬ ਨਾਲ ਭਰਪੂਰ ਸਵਾਲ-ਜਵਾਬ ਦੁਆਰਾ ਆਪਣੇ ਸ਼ੰਕੇ ਦੂਰ ਕੀਤੇ। ਪ੍ਰੋਗਰਾਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋਫੈਸਰ ਗੁਰਮੇਲ ਸਿੰਘ ਜੀ ਨੇ ਕੀਤੀ।ਇਸ ਮੌਕੇ ਰਜਿਸਟਰਾਰ ਡਾ. ਸਵਰਨ ਸਿੰਘ, ਡੀਨ ਅਕਾਦਮਿਕ ਮਾਮਲੇ ਪੋ. ਐੱਮ.ਐੱਸ ਜੌਹਲ, ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀ, ਮੁਖੀ ਅਤੇ ਪ੍ਰੋਫ਼ੈਸਰ ਸਾਹਿਬਾਨ ਹਾਜ਼ਰ ਸਨ। ਡਾ. ਸੰਦੀਪ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਦੇ ਕਈ ਵਿਦਿਆਰਥੀ ਚੰਗਾ ਸਾਹਿਤ ਰਚ ਵੀ ਰਹੇ ਅਤੇ ਕੁਝ ਨੇ ਜੋ ਰਚਨਾ ਚਾਹੁੰਦੇ ਹਨ, ਸੋ ਉਨ੍ਹਾਂ ਸਾਰੇ ਵਿਦਿਆਰਥੀਆਂ ਦੀਆਂ ਕਲਮਾਂ ਤਲਾਸ਼ਣ ਅਤੇ ਤਰਾਸ਼ਣ ਦਾ ਕਾਰਜ ਕਰਨ ਲਈ ਹੀ ਵਿਭਾਗ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ ਅਤੇ ਕਰਦਾ ਰਹੇਗਾ।